ਹਰਫ਼ ਪੰਜਾਬੀ ਕਵਿਤਾ ਇਨਾਮ
ਸਮਕਾਲੀ ਪੰਜਾਬੀ ਕਵਿਤਾ ਨੂੰ ਮਨਾਉਣ ਅਤੇ ਨਵੀਂ ਪੀੜ੍ਹੀ ਦੇ ਕਵੀਆਂ ਦਾ ਸਾਥ ਦੇਣ ਲਈ ਸਾਲਾਨਾ ਇਨਾਮ
ਹਰਫ਼ ਪੰਜਾਬੀ ਕਵਿਤਾ ਇਨਾਮ ਹਰ ਸਾਲ ਦਿੱਤਾ ਜਾਣ ਵਾਲਾ ਇਨਾਮ ਹੈ, ਜੋ ਦੁਨੀਆ ਭਰ ਵਿੱਚੋਂ 18 ਤੋਂ 35 ਸਾਲ ਦੀ ਉਮਰ ਦੇ ਉੱਭਰਦੇ ਪੰਜਾਬੀ ਕਵੀਆਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਨ ਲਈ ਸਿਰਜਿਆ ਗਿਆ ਹੈ।






ਹਰਫ਼ ਬਾਰੇ
‘ਹਰਫ਼’ ਦਾ ਨਾਂ ਅਤੇ ਪ੍ਰੇਰਣਾ ਡਾ. ਸੁਰਜੀਤ ਪਾਤਰ ਦੇ ਪਹਿਲੇ ਕਾਵਿ-ਸੰਗ੍ਰਹਿ ‘ਹਵਾ ਵਿੱਚ ਲਿਖੇ ਹਰਫ਼’ ਤੋਂ ਆਉਂਦੀ ਹੈ। ਹਵਾ ਵਿੱਚ ਲਿਖੇ ਹਰਫ਼ ਇੱਕ ਅਜਿਹਾ ਬਿੰਬ ਹੈ ਜੋ ਕਵਿਤਾ ਦੀ ਨਾਜ਼ੁਕਤਾ ਅਤੇ ਉਸ ਦੀ ਚਿਰਸਥਾਈ ਤਾਕਤ, ਦੋਹਾਂ ਨੂੰ ਆਪਣੇ ਅੰਦਰ ਸਮੋਈ ਬੈਠਾ ਹੈ। ਹਵਾ ਵਿੱਚ ਲਿਖੇ ਸ਼ਬਦਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਜਾ ਕੇ ਠਹਿਰਣਗੇ, ਕੌਣ ਉਨ੍ਹਾਂ ਨੂੰ ਪੜ੍ਹੇਗਾ, ਜਾਂ ਉਹ ਕਿੰਨੀ ਦੂਰ ਤੱਕ ਆਪਣਾ ਸਫ਼ਰ ਤੈਅ ਕਰਨਗੇ। ਪਰ ਸ਼ਾਇਦ ਕਵਿਤਾ ਦੀ ਖੂਬਸੂਰਤੀ ਵੀ ਇਹੀ ਹੈ ਕਿ ਉਹ ਲਿਖ ਕੇ ਛੱਡ ਦਿੱਤੀ ਜਾਂਦੀ ਹੈ ਅਤੇ ਆਪ ਆਪਣੇ ਪਾਠਕ ਤੱਕ ਦਾ ਰਾਹ ਲੱਭ ਲੈਂਦੀ ਹੈ।
ਡਾ. ਸੁਰਜੀਤ ਪਾਤਰ ਨੇ ਆਪਣੀ ਸਾਰੀ ਉਮਰ ਪੰਜਾਬੀ ਕਵਿਤਾ ਨੂੰ ਸਮਰਪਿਤ ਕਰਦਿਆਂ ਭਾਸ਼ਾ, ਸਾਹਿਤ ਅਤੇ ਸਾਡੇ ਆਲੇ-ਦੁਆਲੇ ਦੀ ਦੁਨੀਆ ਦਰਮਿਆਨ ਇੱਕ ਡੂੰਘਾ ਰਿਸ਼ਤਾ ਸਿਰਜਿਆ। ਉਨ੍ਹਾਂ ਦੀ ਕਵਿਤਾ ਨੇ ਕਈ ਪੀੜ੍ਹੀਆਂ ਦੇ ਪਾਠਕਾਂ ਅਤੇ ਕਵੀਆਂ ਨੂੰ ਮੁਹੱਬਤ, ਯਾਦ, ਬਿਰਹਾ, ਵਿਰੋਧ ਅਤੇ ਵਿਸਮਾਦ ਨੂੰ ਕਹਿਣ ਲਈ ਸ਼ਬਦ ਦਿੱਤੇ।
ਹਰਫ਼ ਇਸੇ ਨਿੱਘ, ਮੋਹ ਅਤੇ ਹੌਸਲੇ ਦੀ ਭਾਵਨਾ ਵਿੱਚੋਂ ਜਨਮ ਲੈਂਦਾ ਹੈ। ਇਹ ਉਨ੍ਹਾਂ ਕਵੀਆਂ ਲਈ ਹੈ ਜੋ ਅੱਜ ਪੰਜਾਬੀ ਵਿੱਚ ਲਿਖ ਰਹੇ ਹਨ, ਅਤੇ ਮਾਂ ਬੋਲੀ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਫਰੋਲ ਰਹੇ ਹਨ।
ਸਾਡਾ ਉਦੇਸ਼
ਅਸੀਂ ਮੰਨਦੇ ਹਾਂ ਕਿ ਕਵਿਤਾ ਦਾ ਸਾਥ ਦੇਣਾ, ਕਵੀ ਦਾ ਸਾਥ ਦੇਣਾ ਹੈ।
Enter Poem ਅਤੇ Kaaraj Collective ਵੱਲੋਂ ਸ਼ੁਰੂ ਕੀਤੇ ਗਏ ਇਸ ਉਪਰਾਲੇ ਤਹਿਤ ਹਰ ਸਾਲ ਤਿੰਨ ਕਵੀਆਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਵਿੱਚ ਕੋਈ ਪਹਿਲਾ, ਦੂਜਾ ਜਾਂ ਤੀਜਾ ਸਥਾਨ ਨਹੀਂ ਹੋਵੇਗਾ। ਤਿੰਨੇ ਕਵੀ ਹਰਫ਼ ਪੰਜਾਬੀ ਕਵਿਤਾ ਇਨਾਮ ਦੇ ਬਰਾਬਰ ਦੇ ਹੱਕਦਾਰ ਹੋਣਗੇ ਅਤੇ ਹਰੇਕ ਨੂੰ ₹11,111 ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਕੌਣ ਕਵਿਤਾਵਾਂ ਭੇਜ ਸਕਦਾ ਹੈ?
1. ਇਹ ਇਨਾਮ 18 ਤੋਂ 35 ਸਾਲ ਦੀ ਉਮਰ ਦੇ ਪੰਜਾਬੀ ਕਵੀਆਂ ਲਈ ਹੈ। ਉਮਰ ਦੀ ਗਿਣਤੀ ਐਂਟਰੀ ਭੇਜਣ ਦੀ ਆਖਰੀ ਮਿਤੀ ਮੁਤਾਬਕ ਹੋਵੇਗੀ। ਯਾਨੀ, 15 ਦਸੰਬਰ 2026 ਨੂੰ ਕਵੀ ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
2. ਕਵੀ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿੰਦਾ ਹੋ ਸਕਦਾ ਹੈ।
3. ਭੇਜੀਆਂ ਜਾਣ ਵਾਲੀਆਂ ਕਵਿਤਾਵਾਂ ਕਵੀ ਦੀਆਂ ਆਪਣੀਆਂ ਮੌਲਿਕ ਰਚਨਾਵਾਂ ਹੋਣੀਆਂ ਚਾਹੀਦੀਆਂ ਹਨ ਅਤੇ ਪੰਜਾਬੀ ਭਾਸ਼ਾ ਵਿੱਚ, ਗੁਰਮੁਖੀ ਲਿਪੀ ਵਿੱਚ ਲਿਖੀਆਂ ਹੋਣੀਆਂ ਚਾਹੀਦੀਆਂ ਹਨ।
4. ਇਸ ਵੇਲੇ ਇਨਾਮ ਲਈ ਸਿਰਫ਼ ਗੁਰਮੁਖੀ ਵਿੱਚ ਲਿਖੀ ਪੰਜਾਬੀ ਕਵਿਤਾ ਹੀ ਸਵੀਕਾਰ ਕੀਤੀ ਜਾਵੇਗੀ। ਆਉਣ ਵਾਲੇ ਸਾਲਾਂ ਵਿੱਚ ਅਸੀਂ ਸ਼ਾਹਮੁਖੀ ਲਿਪੀ ਵਿੱਚ ਲਿਖੀ ਕਵਿਤਾ ਨੂੰ ਵੀ ਸਵੀਕਾਰ ਕਰਨ ਦੀ ਕੋਸ਼ਿਸ਼ ਕਰਾਂਗੇ।
5. ਅਨੁਵਾਦ ਸਵੀਕਾਰ ਨਹੀਂ ਕੀਤਾ ਜਾਵੇਗਾ, ਭਾਵੇਂ ਉਹ ਕਵੀ ਦੀ ਆਪਣੀ ਕਵਿਤਾ ਦਾ ਹੀ ਕਿਉਂ ਨਾ ਹੋਵੇ।
6. ਜਿਸ ਕਵੀ ਦੀ ਆਪਣੀ ਕਵਿਤਾ ਦੀ ਕੋਈ ਕਿਤਾਬ, ਚੈਪਬੁੱਕ ਜਾਂ ਕਾਵਿ-ਸੰਗ੍ਰਹਿ ਪਹਿਲਾਂ ਪ੍ਰਕਾਸ਼ਿਤ ਹੋ ਚੁੱਕਾ ਹੈ, ਉਹ ਇਸ ਇਨਾਮ ਲਈ ਯੋਗ ਨਹੀਂ ਹੋਵੇਗਾ। ਇਹ ਨਿਯਮ ਸਵੈ-ਪ੍ਰਕਾਸ਼ਿਤ ਅਤੇ ਰਵਾਇਤੀ ਤਰੀਕੇ ਨਾਲ ਪ੍ਰਕਾਸ਼ਿਤ, ਦੋਹਾਂ ਤਰ੍ਹਾਂ ਦੀਆਂ ਕਿਤਾਬਾਂ ’ਤੇ ਲਾਗੂ ਹੁੰਦਾ ਹੈ।
7. ਪਹਿਲੀ ਤਰਜੀਹ ਅਸੀਂ ਉਨ੍ਹਾਂ ਕਵਿਤਾਵਾਂ ਨੂੰ ਦੇਵਾਂਗੇ ਜੋ ਪਹਿਲਾਂ ਕਦੇ ਪ੍ਰਕਾਸ਼ਿਤ ਨਹੀਂ ਹੋਈਆਂ। ਪਰ ਜੇ ਤੁਸੀਂ ਸਾਨੂੰ ਅਜਿਹੀ ਕਵਿਤਾ ਭੇਜ ਰਹੇ ਹੋ ਜੋ ਪਹਿਲਾਂ ਕਿਸੇ ਸਾਹਿਤ ਜਾਂ ਸ਼ਾਇਰੀ ਦੇ ਮੈਗਜ਼ੀਨ ਜਾਂ ਐਂਥੋਲੋਜੀ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ, ਤਾਂ ਆਪਣੀ ਐਂਟਰੀ ਵਿੱਚ ਉਸ ਮੈਗਜ਼ੀਨ ਜਾਂ ਐਂਥੋਲੋਜੀ ਦਾ ਨਾਮ ਦੇਣਾ ਲਾਜ਼ਮੀ ਹੈ।
8. ਜੇ ਕੋਈ ਕਵਿਤਾ ਪਹਿਲਾਂ ਕਵੀ ਦੇ ਆਪਣੇ ਸੋਸ਼ਲ ਮੀਡੀਆ, ਨਿੱਜੀ ਬਲੌਗ ਜਾਂ ਵੈੱਬਸਾਈਟ ’ਤੇ ਸਾਂਝੀ ਕੀਤੀ ਗਈ ਹੈ, ਤਾਂ ਉਹ ਵੀ ਭੇਜੀ ਜਾ ਸਕਦੀ ਹੈ। ਪਰ ਐਂਟਰੀ ਭੇਜਣ ਤੋਂ ਪਹਿਲਾਂ ਉਹ ਕਵਿਤਾ ਜਨਤਕ ਤੌਰ ’ਤੇ ਹਟਾਉਣੀ ਹੋਵੇਗੀ, ਕਿਉਂਕਿ ਸ਼ਾਰਟਲਿਸਟ ਅਤੇ ਚੁਣੇ ਗਏ ਕਵੀਆਂ ਦੀਆਂ ਕਵਿਤਾਵਾਂ ਹਰਫ਼ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ’ਤੇ ਕਵੀਆਂ ਨਾਲ ਕੋਲੈਬ ਕਰਕੇ ਸਾਂਝੀਆਂ ਕੀਤੀਆਂ ਜਾਣਗੀਆਂ।
9. ਹਰ ਕਵੀ ਵੱਲੋਂ ਸਿਰਫ਼ ਇੱਕ ਐਂਟਰੀ ਸਵੀਕਾਰ ਕੀਤੀ ਜਾਵੇਗੀ, ਜਿਸ ਵਿੱਚ ਉਸ ਦੀਆਂ ਪੰਜ ਕਵਿਤਾਵਾਂ ਸ਼ਾਮਲ ਹੋਣਗੀਆਂ।
ਪੰਜ ਕਵਿਤਾਵਾਂ ਦਾ ਕਾਵਿ-ਪੋਰਟਫੋਲੀਓ
ਹਰ ਕਵੀ ਵੱਲੋਂ ਭੇਜੀਆਂ ਗਈਆਂ ਪੰਜ ਕਵਿਤਾਵਾਂ ਮਿਲ ਕੇ ਉਸ ਦਾ ਕਾਵਿ-ਪੋਰਟਫੋਲੀਓ ਮੰਨੀਆਂ ਜਾਣਗੀਆਂ।|
ਹਰਫ਼ ਕਿਸੇ ਇੱਕ ਕਵਿਤਾ ਨੂੰ ‘ਜੇਤੂ ਕਵਿਤਾ’ ਵਜੋਂ ਨਹੀਂ ਚੁਣਦਾ। ਇਨਾਮ ਲਈ ਕਵੀ ਦੀਆਂ ਪੰਜ ਕਵਿਤਾਵਾਂ ਦੀ ਸਮੁੱਚੀ ਪੇਸ਼ਕਾਰੀ ਅਤੇ ਕਾਵਿ-ਆਵਾਜ਼ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ।
ਕਵਿਤਾਵਾਂ ਕਿਵੇਂ ਭੇਜਣੀਆਂ ਹਨ?
ਹਰ ਐਂਟਰੀ ਵਿੱਚ ਹੇਠ ਲਿਖੀਆਂ ਚੀਜ਼ਾਂ ਸ਼ਾਮਲ ਹੋਣਾ ਲਾਜ਼ਮੀ ਹੈ:
* ਪੰਜਾਬੀ ਵਿੱਚ ਲਿਖੀਆਂ ਪੰਜ ਮੌਲਿਕ ਕਵਿਤਾਵਾਂ
* ਸਾਰੀਆਂ ਪੰਜ ਕਵਿਤਾਵਾਂ ਇੱਕੋ ਦਸਤਾਵੇਜ਼ ਵਿੱਚ ਹੋਣ
* ਕਵਿਤਾਵਾਂ ਗੁਰਮੁਖੀ ਲਿਪੀ ਵਿੱਚ ਹੋਣ
* ਦਸਤਾਵੇਜ਼ DOC ਜਾਂ DOCX ਫਾਰਮੈਟ ਵਿੱਚ ਹੋਵੇ
* ਕਵਿਤਾਵਾਂ submissions@harfpoetryprize.com ’ਤੇ ਈਮੇਲ ਰਾਹੀਂ ਜਾਂ harfpoetryprize.com ’ਤੇ ਫਾਰਮ ਭਰ ਕੇ ਭੇਜੀਆਂ ਜਾ ਸਕਦੀਆਂ ਹਨ।
* ਜਮ੍ਹਾਂ ਕਰਾਉਣ ਦੀ ਮਿਆਦ: 1 ਅਕਤੂਬਰ – 15 ਦਸੰਬਰ 2026
* ਅੰਤਿਮ ਮਿਤੀ ਤੋਂ ਬਾਅਦ ਪ੍ਰਾਪਤ ਹੋਈਆਂ ਕਵਿਤਾਵਾਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ।
* ਇਸ ਇਨਾਮ ਵਿੱਚ ਸ਼ਾਮਲ ਹੋਣ ਲਈ ਕੋਈ ਫੀਸ ਨਹੀਂ ਹੈ।
ਇਹ ਜਾਣਕਾਰੀ ਵੀ ਤੁਹਾਡੀ ਈਮੇਲ/ਐਂਟਰੀ ਫਾਰਮ ਵਿੱਚ ਸ਼ਾਮਲ ਹੋਣੀ ਚਾਹੀਦੀ ਹੈ:
* ਕਵੀ ਦਾ ਨਾਂ
* ਈਮੇਲ ਪਤਾ
* ਇੱਕ ਤਸਵੀਰ
* ਕਵੀ ਦੀ ਸੰਖੇਪ ਜਾਣ-ਪਛਾਣ
ਚੋਣ ਪ੍ਰਕਿਰਿਆ
ਹਰਫ਼ ਦੀ ਟੀਮ ਵੱਲੋਂ ਪ੍ਰਾਪਤ ਹੋਈਆਂ ਐਂਟਰੀਆਂ ਦੀ ਪਹਿਲੀ ਛਾਂਟੀ ਤੋਂ ਬਾਅਦ ਇੱਕ ਸ਼ਾਰਟਲਿਸਟ ਤਿਆਰ ਕੀਤੀ ਜਾਵੇਗੀ। ਸ਼ਾਰਟਲਿਸਟ ਕੀਤੇ ਕਵੀਆਂ ਦੀਆਂ ਕਵਿਤਾਵਾਂ ਵਿੱਚੋਂ ਉਨ੍ਹਾਂ ਦੇ ਨਾਂ ਅਤੇ ਪਛਾਣ ਨਾਲ ਜੁੜੀ ਸਾਰੀ ਜਾਣਕਾਰੀ ਹਟਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਇਹ ਕਵਿਤਾਵਾਂ ਮਹਿਮਾਨ ਜੱਜ ਨੂੰ ਭੇਜੀਆਂ ਜਾਣਗੀਆਂ।
ਇਸ ਤਰ੍ਹਾਂ ਸ਼ਾਰਟਲਿਸਟ ਕੀਤੇ ਕਵੀਆਂ ਦੀ ਅੰਤਿਮ ਚੋਣ ਕਵੀ ਦੀ ਪਛਾਣ ਤੋਂ ਬਿਨਾਂ ਕੀਤੀ ਜਾਵੇਗੀ।
ਕਵੀ ਇੱਕੋ ਸਮੇਂ ਆਪਣੀਆਂ ਕਵਿਤਾਵਾਂ ਕਿਸੇ ਹੋਰ ਇਨਾਮ ਲਈ ਵੀ ਭੇਜ ਸਕਦੇ ਹਨ। ਜੇ ਹਰਫ਼ ਲਈ ਭੇਜੀ ਤੁਹਾਡੀ ਕੋਈ ਕਵਿਤਾ ਜੱਜਮੈਂਟ ਦੇ ਸਮੇਂ ਦੌਰਾਨ ਕਿਸੇ ਹੋਰ ਇਨਾਮ ਲਈ ਚੁਣੀ ਜਾਂਦੀ ਹੈ ਜਾਂ ਕਿਤੇ ਪ੍ਰਕਾਸ਼ਨ ਲਈ ਸਵੀਕਾਰ ਕੀਤੀ ਜਾਂਦੀ ਹੈ, ਤਾਂ ਕਿਰਪਾ ਕਰਕੇ ਸਾਨੂੰ ਇਸ ਬਾਰੇ ਤੁਰੰਤ ਜਾਣਕਾਰੀ ਦਿਓ। ਅਜਿਹੀ ਕਵਿਤਾ ਨੂੰ ਹਰਫ਼ ਦੀ ਚੋਣ ਪ੍ਰਕਿਰਿਆ ਵਿੱਚੋਂ ਹਟਾ ਦਿੱਤਾ ਜਾਵੇਗਾ ਅਤੇ ਕਵੀ ਨੂੰ ਉਸ ਦੀ ਥਾਂ ਇੱਕ ਹੋਰ ਯੋਗ ਕਵਿਤਾ ਭੇਜਣ ਦਾ ਮੌਕਾ ਦਿੱਤਾ ਜਾਵੇਗਾ।
ਆਪਣੀ ਕਵਿਤਾ ਜਮ੍ਹਾਂ ਕਰੋ
ਜੱਜ ਨੂੰ ਮਿਲੋ
ਜਸਵੰਤ ਜ਼ਫ਼ਰ
ਜਸਵੰਤ ਜ਼ਫ਼ਰ ਪੰਜਾਬੀ ਦੇ ਪ੍ਰਸਿੱਧ ਸ਼ਾਇਰ, ਵਾਰਤਕ ਲੇਖਕ, ਨਾਟਕਕਾਰ, ਚਿੱਤਰਕਾਰ, ਕਾਰਟੂਨਿਸਟ, ਫੋਟੋਕਾਰ ਅਤੇ ਸਮਾਜਿਕ ਕਾਰਕੁੰਨ ਹਨ, ਜੋ ਅੱਜਕੱਲ੍ਹ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਵਜੋਂ ਸੇਵਾ ਨਿਭਾ ਰਹੇ ਹਨ।
ਉਨ੍ਹਾਂ ਦੇ ਕਾਵਿ-ਸੰਗ੍ਰਹਿਆਂ ਵਿੱਚ ਦੋ ਸਾਹਾਂ ਵਿਚਕਾਰ, ਅਸੀਂ ਨਾਨਕ ਦੇ ਕੀ ਲੱਗਦੇ ਹਾਂ, ਇਹ ਬੰਦਾ ਕੀ ਹੁੰਦਾ, ਮੈਨੂੰ ਬੁੱਧੂ ਹੋਣਾ ਚਾਹੀਦਾ, ਪਿਆਰੇ ਆਓ ਘਰੇ ਅਤੇ ਇੱਕ ਕਟੋਰਾ ਚਾਨਣੀ ਸ਼ਾਮਲ ਹਨ। ਉਨ੍ਹਾਂ ਦੀ ਚੋਣਵੀਂ ਕਵਿਤਾ ਦਾ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਅਨੁਵਾਦ ਹੋਇਆ ਹੈ, ਜਿਸ ਵਿੱਚ The Other Shore of Words ਵੀ ਸ਼ਾਮਲ ਹੈ। ਉਨ੍ਹਾਂ ਦੀਆਂ ਕਲਾ-ਕ੍ਰਿਤੀਆਂ ਦੀਆਂ ਪ੍ਰਦਰਸ਼ਨੀਆਂ ਦੇਸ਼-ਵਿਦੇਸ਼ ਵਿੱਚ ਲੱਗਦੀਆਂ ਰਹੀਆਂ ਹਨ, ਜਦਕਿ ਉਨ੍ਹਾਂ ਦੇ ਕਾਰਟੂਨ ਪੰਜਾਬੀ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦੇ ਰਹੇ ਹਨ। ਬੁੱਢਾ ਦਰਿਆ ਸਮੇਤ ਉਨ੍ਹਾਂ ਦੇ ਕਈ ਨਾਟਕ ਲਿਖੇ ਹਨ ਅਤੇ ਕਾਲਜ ਦੇ ਦਿਨਾਂ ਤੋਂ ਹੀ ਉਨ੍ਹਾਂ ਦਾ ਰੰਗਮੰਚ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ। 2026 ਵਿੱਚ ਉਨ੍ਹਾਂ ਨੇ ਗੁਰਵਿੰਦਰ ਸਿੰਘ ਦੀ ਫ਼ਿਲਮ Rehmat ਵਿੱਚ ਨਸੀਰੂਦੀਨ ਸ਼ਾਹ ਦੇ ਨਾਲ਼ ਆਪਣੇ ਫ਼ੀਚਰ ਫ਼ਿਲਮ ਅਦਾਕਾਰੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ।
ਆਪਣੇ ਸਾਹਿਤਕ ਸਫ਼ਰ ਦੌਰਾਨ ਜ਼ਫ਼ਰ ਸਾਹਿਬ ਨੂੰ ਕਈ ਸਨਮਾਨ ਮਿਲੇ ਹਨ, ਜਿਨ੍ਹਾਂ ਵਿੱਚ ਉਦੈ ਭਾਰਤੀ ਰਾਸ਼ਟਰੀ ਕਵਿਤਾ ਪੁਰਸਕਾਰ (1993), ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ (2018) ਅਤੇ ਪੰਜਾਬ ਗੌਰਵ ਪੁਰਸਕਾਰ (2025) ਸ਼ਾਮਲ ਹਨ। ਉਹ ਕੇਂਦਰੀ ਅਤੇ ਸੂਬਾਈ ਬਿਜਲੀ ਖੇਤਰ ਵਿੱਚ 34 ਸਾਲ ਪਾਵਰ ਇੰਜਨੀਅਰ ਵਜੋਂ ਕੰਮ ਕਰਕੇ ਬਤੌਰ ਉੱਪ ਮੁੱਖ ਇੰਜਨੀਅਰ ਰਿਟਾਇਰ ਹੋਏ।
ਸਾਡਾ ਵਡਭਾਗ ਹੈ ਕਿ ਹਰਫ਼ ਪੰਜਾਬੀ ਕਵਿਤਾ ਇਨਾਮ ਦੇ ਪਹਿਲੇ ਸਾਲ ਜਸਵੰਤ ਜ਼ਫ਼ਰ ਸਾਡੇ ਨਾਲ਼ ਮਹਿਮਾਨ ਜੱਜ ਵਜੋਂ ਜੁੜੇ ਹਨ।
ਐਲਾਨ
ਜੇਤੂ ਕਵੀਆਂ ਦਾ ਐਲਾਨ 14 ਜਨਵਰੀ 2027 ਨੂੰ ਹਰਫ਼ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ’ਤੇ ਕੀਤਾ ਜਾਵੇਗਾ, ਜੋ ਡਾ. ਸੁਰਜੀਤ ਪਾਤਰ ਜੀ ਦਾ ਜਨਮ ਦਿਨ ਹੈ।
ਇਹ ਤਾਰੀਖ਼ ਇਸ ਇਨਾਮ ਦੀ ਪਹਿਚਾਣ ਵਿੱਚ ਗੁੰਨੀ ਹੋਈ ਹੈ। ਸਾਡੇ ਲਈ ਇਹ ਸਿਰਫ਼ ਇੱਕ ਮਹਾਨ ਕਵੀ ਦੀ ਵਿਰਾਸਤ ਵੱਲ ਪਿੱਛੇ ਮੁੜ ਕੇ ਦੇਖਣ ਦਾ ਮੌਕਾ ਹੀ ਨਹੀਂ, ਸਗੋਂ ਸਮਕਾਲੀ ਅਤੇ ਭਵਿੱਖ ਦੇ ਪੰਜਾਬੀ ਕਵੀਆਂ ਵੱਲ ਨਜ਼ਰ ਉਠਾਉਣ ਦਾ ਇੱਕ ਮੌਕਾ ਵੀ ਹੈ।
ਇਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪੰਜਾਬੀ ਕਵਿਤਾ ਦੀ ਲਗਾਤਾਰ ਚੱਲਦੀ ਆ ਰਹੀ ਪਰੰਪਰਾ ਅਤੇ ਸਾਂਝ ਦਾ ਜਸ਼ਨ ਹੈ।
ਸਮਾਰੋਹ
ਇਨਾਮ ਪ੍ਰਾਪਤ ਕਰਨ ਵਾਲੇ ਤਿੰਨੋਂ ਕਵੀਆਂ ਨੂੰ ਜਨਵਰੀ 2027 ਵਿੱਚ ਲੁਧਿਆਣਾ ਵਿਖੇ ਹੋਣ ਵਾਲੇ ਇੱਕ ਸੱਭਿਆਚਾਰਕ ਮੇਲੇ ਵਿੱਚ ਕਵੀ ਦਰਬਾਰ ਲਈ ਸੱਦਾ ਦਿੱਤਾ ਜਾਵੇਗਾ।
ਇਹ ਸਮਾਰੋਹ ਤਿੰਨੋਂ ਜੇਤੂਆਂ, ਮਹਿਮਾਨ ਜੱਜ, ਕਵੀਆਂ, ਪਾਠਕਾਂ ਅਤੇ ਸਾਹਿਤਕ ਭਾਈਚਾਰੇ ਨੂੰ ਇਕੱਠੇ ਲਿਆਵੇਗਾ, ਤਾਂ ਜੋ ਅੱਜ ਦੀ ਪੰਜਾਬੀ ਕਵਿਤਾ ਅਤੇ ਇਸ ਦੀਆਂ ਨਵੀਆਂ ਆਵਾਜ਼ਾਂ ਦਾ ਜਸ਼ਨ ਮਨਾਇਆ ਜਾ ਸਕੇ।
ਪ੍ਰਕਾਸ਼ਨ
ਹਰਫ਼ ਪੰਜਾਬੀ ਕਵਿਤਾ ਇਨਾਮ ਲਈ ਆਪਣੀਆਂ ਕਵਿਤਾਵਾਂ ਭੇਜ ਕੇ, ਕਵੀ ਇਸ ਗੱਲ ਨਾਲ ਸਹਿਮਤ ਹੁੰਦੇ ਹਨ ਕਿ ਜੇ ਉਨ੍ਹਾਂ ਦੀਆਂ ਕਵਿਤਾਵਾਂ ਸ਼ਾਰਟਲਿਸਟ ਹੁੰਦੀਆਂ ਹਨ ਜਾਂ ਉਹ ਇਨਾਮ ਦੇ ਪ੍ਰਾਪਤਕਰਤਾਵਾਂ ਵਿੱਚ ਚੁਣੇ ਜਾਂਦੇ ਹਨ, ਤਾਂ ਉਨ੍ਹਾਂ ਵੱਲੋਂ ਭੇਜੀਆਂ ਗਈਆਂ ਕਵਿਤਾਵਾਂ ਨੂੰ Enter Poem ਅਤੇ/ਜਾਂ Kaaraj Collective ਵੱਲੋਂ ਆਪਣੀਆਂ ਵੈੱਬਸਾਈਟਾਂ, ਬਲੌਗਾਂ, ਸੋਸ਼ਲ ਮੀਡੀਆ ਪਲੇਟਫਾਰਮਾਂ, ਪ੍ਰਚਾਰ ਸਮੱਗਰੀ ਜਾਂ ਇਨਾਮ ਅਤੇ ਇਸ ਨਾਲ ਜੁੜੀਆਂ ਗਤੀਵਿਧੀਆਂ ਦੇ ਸੰਦਰਭ ਵਿੱਚ ਪ੍ਰਕਾਸ਼ਿਤ ਕੀਤਾ ਜਾ ਸਕਦਾ ਹੈ।
ਕਵਿਤਾ ਦਾ ਕਾਪੀਰਾਈਟ ਕਵੀ ਕੋਲ ਹੀ ਰਹੇਗਾ।
ਭਵਿੱਖ ਵਿੱਚ ਜੇ ਕੋਈ ਜੇਤੂ ਜਾਂ ਸ਼ਾਰਟਲਿਸਟ ਕੀਤੀ ਕਵਿਤਾ ਕਿਤੇ ਹੋਰ ਪ੍ਰਕਾਸ਼ਿਤ ਹੁੰਦੀ ਹੈ, ਤਾਂ ਹਰਫ਼ ਪੰਜਾਬੀ ਕਵਿਤਾ ਇਨਾਮ ਨੂੰ ਉਸ ਕਵਿਤਾ ਦੀ ਮਾਨਤਾ ਦੇ ਸਥਾਨ ਵਜੋਂ ਦਰਜ ਕੀਤਾ ਜਾਣਾ ਚਾਹੀਦਾ ਹੈ।
ਹਿੱਤਾਂ ਦਾ ਟਕਰਾਅ
ਇਨਾਮ ਦੀ ਆਯੋਜਕ ਟੀਮ, ਜੱਜਾਂ ਦੇ ਪੈਨਲ ਦੇ ਮੈਂਬਰ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ, ਜਦੋਂ ਤੱਕ ਉਹ ਇਨ੍ਹਾਂ ਭੂਮਿਕਾਵਾਂ ਵਿੱਚ ਹਨ, ਇਨਾਮ ਵਿੱਚ ਹਿੱਸਾ ਨਹੀਂ ਲੈ ਸਕਦੇ।
ਜੇ ਕਿਸੇ ਮਹਿਮਾਨ ਜੱਜ ਦਾ ਕਿਸੇ ਸ਼ਾਰਟਲਿਸਟ ਕੀਤੇ ਕਵੀ ਨਾਲ ਕੋਈ ਸਿੱਧਾ ਨਿੱਜੀ, ਪੇਸ਼ੇਵਰ ਜਾਂ ਸੰਪਾਦਕੀ ਸਬੰਧ ਹੋਵੇ, ਜਿਸ ਕਰਕੇ ਹਿੱਤਾਂ ਦੇ ਟਕਰਾਅ ਦੀ ਸਥਿਤੀ ਬਣ ਸਕਦੀ ਹੈ, ਤਾਂ ਜੱਜ ਨੂੰ ਇਸ ਬਾਰੇ ਆਯੋਜਕਾਂ ਨੂੰ ਦੱਸਣਾ ਹੋਵੇਗਾ ਅਤੇ ਲੋੜ ਪੈਣ ’ਤੇ ਉਸ ਕਵੀ ਦੀ ਚੋਣ ਪ੍ਰਕਿਰਿਆ ਤੋਂ ਆਪਣੇ ਆਪ ਨੂੰ ਵੱਖ ਕਰਨਾ ਹੋਵੇਗਾ।

